ਡਾਃ ਲੇਖ ਰਾਜ ਪ੍ਰਵਾਨਾ | Dr. Lekh Raj Parvana
ਮੈਂ ਜੋ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਜਾਣਕਾਰੀ ਇੱਕ ਇੰਟਰਵਿਊ ਵਿੱਚੋਂ ਲਈ ਗਈ ਹੈ। ਇਹ ਇੰਟਰਵਿਊ ਫਰਵਰੀ 1986 ਦੇ 'ਕੌਮੀ ਉਡਾਰੀਆਂ' ਦੇ ਅੰਕ ਵਿਚ ਛਪੀ ਸੀ।
ਇਹ ਇੰਟਰਵਿਊ ਡਾਃ ਪ੍ਰਵਾਨਾ ਜੀ ਨਾਲ ‘ਕੌਮੀ ਉਡਾਰੀਆਂ’ (ਮਾਸਿਕ ਮੈਗਜ਼ੀਨ) ਦੇ ਮੁੱਖ ਸੰਪਾਦਕ ਸ੍ਰੀ ਸੀ. ਐਲ. ਚੁੰਬਰ ਜੀ ਦੁਆਰਾ ਕੀਤੀ ਗਿਆ ਸੀ
ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਸੰਦੇਸ਼ ਤੇ ਖੋਜ ਕਰਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲੇ ਡਾ: ਲੇਖ ਰਾਜ ਪ੍ਰਵਾਨਾ, ਅੰਡਰ ਸੈਕਟਰੀ, ਪੰਜਾਬ ਵਿਧਾਨ ਸਭਾ।
ਡਾ: ਲੇਖ ਰਾਜ ਪ੍ਰਵਾਨਾ ਜੀ ਦੀ ਗੁਰੂ ਰਵਿਦਾਸ ਸਬੰਧੀ ਖੋਜ
? ਡਾ. ਪ੍ਰਵਾਨਾ ਜੀ ! ਸਭ ਤੋਂ ਪਹਿਲੋਂ ਅਸੀਂ ਆਪਣੇ ਵੱਲੋਂ ਅਤੇ ਕੌਮੀ ਉਡਾਰੀਆਂ ਦੇ ਪਾਠਕਾਂ ਅਤੇ ਸ਼ੁਭਚਿੰਤਕਾਂ ਵੱਲੋਂ ਆਪ ਨੂੰ ਪੀ. ਐਚ. ਡੀ. ਦੀ ਡਿਗਰੀ ਮਿਲਣ ਤੇ ਵਧਾਈ ਦਿੰਦੇ ਹਾਂ ਅਤੇ ਆਪ ਦੀ ਹਰ ਖੇਤਰ ਵਿਚ ਹੋਰ ਤਰੱਕੀ ਦੀ ਕਾਮਨਾ ਕਰਦੇ ਹਾਂ।
ਚੁੰਬਰ ਸਾਹਿਬ ! ਆਪ ਦੀ ਇਸ ਕਦਰਦਾਨੀ ਦਾ ਮੈਂ ਦਿਲੋਂ ਧੰਨਵਾਦੀ ਹਾਂ ਕਿ ਮੈਨੂੰ ਆਪ ਨੇ ਇਹ ਮਾਣ ਬਖਸ਼ਿਆ ਹੈ ਕਿ ਮੈਂ ਆਪਦੇ ਪਾਠਕਾਂ ਨਾਲ ਆਪਣੀ ਗੁਰੂ ਰਵਿਦਾਸ ਸਬੰਧੀ ਖੋਜ ਸਾਂਝੀ ਕਰ ਸਕਾਂ ਅਤੇ ਆਪ ਦੇ ਹੋਰ ਸਵਾਲਾਂ ਦੇ ਜਵਾਬ ਦੇ ਸਕਾਂ।
? ਆਪਣੇ ਮੁੱਢਲੇ ਵਿਦਿਅਕ ਜੀਵਨ ਬਾਰੇ ਚਾਨਣਾ ਪਾਓਗੇ ?
ਪ੍ਰਵਾਨਾ ਜੀ :- ਸਵਾਲ ਬੜਾ ਨਾਜ਼ੁਕ ਹੈ ਲੇਕਿਨ ਇਸ ਦਾ ਜਵਾਬ ਵੀ ਦੇਣੋਂ ਮੈਨੂੰ ਕੋਈ ਝਿਜਕ ਨਹੀਂ। ਮੈਂ ਖਾਲਸਾ ਹਾਈ ਸਕੂਲ, ਬੁੰਡਾਲਾ ਜ਼ਿਲ੍ਹਾ ਜਲੰਧਰ 'ਚ ਪੜ੍ਹਿਆ। ਖੁਸ਼ੀ ਦੀ ਗੱਲ ਹੈ ਕਿ ਤੁਸੀਂ ਵੀ ਮੇਰੇ ਗਵਾਂਢੀ ਪਿੰਡ ਦੇ ਹੋ। ਸਕੂਲ ਵਿਚ ਮੇਰੀ ਪ੍ਰਾਰਥਨਾ ਦੀ ਡਿਊਟੀ ਲੱਗਦੀ ਸੀ। ਸ਼ਬਦ ਗਾਇਨ 'ਚ ਹਿੱਸਾ ਲੈਂਦਾ ਹੁੰਦਾ ਸੀ ਅਤੇ ਕਵਿਤਾ, ਗੀਤ ਲਿਖਣ ਦਾ ਵੀ ਸ਼ੌਂਕ ਸੀ।
ਸ: ਗੁਰਬਖਸ਼ ਸਿੰਘ ਪੰਜਾਬੀ ਟੀਚਰ ਅਤੇ ਲਾਲਾ ਸੰਤ ਰਾਮ ਹੈਡ ਮਾਸਟਰ ਨੇ ਕਿਹਾ ਕਿ ਤੇਰੇ ਅੰਦਰ ਲੇਖਕ ਛੁਪਿਆ ਹੈ, ਤੂੰ ਉਸ ਨੂੰ ਉਜਾਗਰ ਕਰ। ਮੈਂ ਕਹਾਣੀਆਂ, ਕੁਝ ਜ਼ਿੰਦਗੀ ਦੀਆਂ ਯਾਦਾਂ ਕੁਝ ਕਵਿਤਾ ਮਾੜੀ ਮੋਟੀ ਲਿਖਣੀ ਸ਼ੁਰੂ ਕੀਤੀ। ਗਿਆਨੀ ਜੀ ਇਹਨਾਂ ਨੂੰ ਵੇਖ ਦਿੰਦੇ ਸਨ। ਉਥੋਂ ਮੈਨੂੰ ਇਨਕਰਜ਼ਮੈਂਟ ਮਿਲੀ। ਫਿਰ ਮੈਂ ਚੰਡੀਗੜ੍ਹ ਆ ਗਿਆ।
? ਚੰਡੀਗੜ੍ਹ ਵਿਚ ਆ ਕੇ ਆਪ ਵਿਚਲਾ ਲੇਖਕ ਵਧਿਆ ਫੁਲਿਆ ਜਾਂ ਨਹੀਂ ।
ਚੰਡੀਗੜ੍ਹ ਦੀ ਪੰਜਾਬੀ ਸਾਹਿਤ ਸਭਾ ਵਿਚ ਜਾਣਾ ਸ਼ੁਰੂ ਕੀਤਾ ਪਰ ਉਨ੍ਹਾਂ ਵਿਦਵਾਨਾਂ ਵਿਚ ਆਪਣੇ ਆਪ ਨੂੰ ਨਿਗੂਣਾ ਮਹਿਸੂਸ ਕਰਨਾ। ਪਰ ਦਿਲ ਵਿਚ ਇਹ ਰੀਝ ਸੀ ਕਿ ਮੈਂ ਵੀ ਕਾਸ਼ ਇਨ੍ਹਾਂ ਲੋਕਾਂ ਵਰਗਾ ਬਣਾਂ। ਮੈਨੂੰ ਡਾ: ਜੀਤ ਸਿੰਘ ਸੀਤਲ, ਜੋ ਉਸ ਵੇਲੇ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸਨ, ਨੇ ਬੜੀ ਹੱਲਾ ਸ਼ੇਰੀ ਦਿੱਤੀ। ਮੇਰਾ ਪਹਿਲਾ ਲੇਖ 20 ਸਾਲ ਦੀ ਉਮਰ ਵਿਚ ਜੀਵਨ ਦਰਸ਼ਨ ਬਾਬਾ ਫਰੀਦ ਪੰਜਾਬੀ ਦੁਨੀਆਂ ਦੇ ਬਾਬਾ ਫਰੀਦ ਵਿਸ਼ੇਸ਼ ਅੰਕ ਵਿਚ ਪ੍ਰਕਾਸ਼ਿਤ ਹੋਇਆ। ਇਸ ਤੋਂ ਬਾਅਦ ਮੈਨੂੰ ਗੁਰੂ ਅਮਰ ਦਾਸ, ਗੁਰੂ ਅਰਜਨ ਦੇਵ ਜੀ ਆਦਿ ਬਾਰੇ ਲੇਖ ਲਿਖਣ ਅਤੇ ਛਪਣ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਡਾ: ਸ਼ੇਰ ਸਿੰਘ ਦੀ ਸੰਪਾਦਕੀ ਹੇਠ ਛਪਦੇ ਪੰਜਾਬੀ ਸਾਹਿਤ ਅਕਾਦਮੀ ਦੇ ਪਰਚੇ ਅਤੇ ਸਾਹਿਤ ਸਮਾਚਾਰ ਵਿਚ ਛਪਣ ਦਾ ਮੌਕਾ ਮਿਲਿਆ। ਇਸ ਤਰੀਕੇ ਨਾਲ ਮੈਨੂੰ ਲਿਖਣ ਦੀ ਲਗਨ ਲੱਗਦੀ ਗਈ।
? ਸਤਿਗੁਰੂ ਰਵਿਦਾਸ ਸਬੰਧੀ ਖੋਜ ਕਰਨ ਦੀ ਲਗਨ ਕਿੱਥੋਂ ਲੱਗੀ?
- ਇਹ ਇਸ ਤਰ੍ਹਾਂ ਅਚਾਨਕ ਗੱਲ ਹੋਈ ਕਿ ਸੱਤ ਅੱਠ ਐਮ. ਐਲ. ਏਜ਼ ਬੈਠੇ ਸਨ, ਜਿਹਨਾਂ ਵਿਚ ਸਰਦਾਰ ਹਰਚੰਦ ਸਿੰਘ, ਅਚਾਰੀਆ ਪ੍ਰਿਥਵੀ ਸਿੰਘ ਆਜ਼ਾਦ, ਚੌਧਰੀ ਸੁੰਦਰ ਸਿੰਘ ਅਤੇ ਪਿਆਰਾ ਰਾਮ ਧੈਨੋਵਾਲੀ ਆਦਿ ਸਨ। ਇਹਨਾਂ ਨੇ ਕਿਹਾ ਕਿ ਜੇ ਪੀ. ਐਚ. ਡੀ. ਕਰਨੀ ਹੈ ਤਾਂ ਗੁਰੂ ਰਵਿਦਾਸ 'ਤੇ ਕਿਉਂ ਨਹੀਂ ਕਰਦਾ। ਮੈਂ ਕਿਹਾ ਮੈਂ ਤਾਂ ਗੁਰੂ ਨਾਨਕ ਤੇ ਜਾਂ ਗੁਰੂ ਗੋਬਿੰਦ ਸਿੰਘ ਤੇ ਕਰਨੀ ਚਾਹੁੰਦਾ ਹਾਂ। ਉਹਨਾਂ ਕਿਹਾ ਕਿ ਕੀ ਗੱਲ ਤੈਨੂੰ ਆਪਣੇ ਗੁਰੂ ਨਾਲ ਪਿਆਰ ਨਹੀਂ ਹੈ। ਮੈਂ ਕਿਹਾ ਬਈ ਪਿਆਰ ਤਾਂ ਹੈ ਪਰ ਬਾਣੀ ਥੋੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਬਾਣੀ ਥੋੜ੍ਹੀ ਹੈ ਤਾਂ ਲੱਭੋ ਕਿੱਥੇ ਹੈ। ਖੈਰ ਉਹਨਾਂ ਦੀ ਇਸ ਗੱਲ ਨੇ ਮੇਰੇ ਤੇ ਬੜਾ ਅਸਰ ਕੀਤਾ। ਤਿੰਨ ਚਾਰ ਮਹੀਨੇ ਇਵੇਂ ਲੰਘ ਗਏ। ਜਦੋਂ ਉਨ੍ਹਾਂ 'ਚੋਂ ਕਿਸੇ ਨੇ ਮਿਲਣਾ ਤਾਂ ਪੁੱਛਣਾ ਕਿ ਸੁਣਾ ਬਈ ਰਜਿਸਟ੍ਰੇਸ਼ਨ ਕਰਵਾਈ ਕਿ ਨਹੀਂ। ਮੈਂ ਕਹਿ ਦਿੰਦਾ ਹਾਂ ਕਰਵਾਈ ਹੈ, ਕਰਵਾਲਾਂਗੇ। ਇਹ ਕਹਿ ਕੇ ਟਾਲ ਛੱਡਣਾ।
? ਫਿਰ ਸ੍ਰੀ ਗਣੇਸ਼ ਕਦੋਂ ਕੀਤਾ?
ਡਾ. ਵਿਸ਼ਵ ਨਾਥ ਤਿਵਾੜੀ ਅਤੇ ਮੈਂ ਦੋਹਾਂ ਨੇ ਚੰਡੀਗੜ੍ਹ 'ਚ ਜ਼ਿੰਦਗੀ ਇਕੱਠਿਆਂ ਸ਼ੁਰੂ ਕੀਤੀ ਸੀ। ਅਸੀਂ ਦੋਵੇਂ ਜਿਗਰੀ ਦੋਸਤ ਸੀ। ਮੈਂ ਉਨ੍ਹਾਂ ਨਾਲ ਗੱਲ ਕੀਤੀ ਕਿ ਮੇਰੇ 'ਤੇ ਮੇਰੇ ਦੋਸਤਾਂ ਵੱਲੋਂ ਗੁਰੂ ਰਵਿਦਾਸ 'ਤੇ ਪੀ. ਐਚ. ਡੀ. ਕਰਨ ਦਾ ਦਬਾਅ ਪੈ ਰਿਹਾ ਹੈ, ਮੈਨੂੰ ਸਲਾਹ ਦਿਓ, ਮੈਂ ਵੀ ਚਾਹੁੰਦਾ ਹਾਂ ਕਿ ਇਹ ਇਕ ਨਿਗਲੈਕਟਿਡ ਫੀਲਡ ਹੈ, ਇਸ ਲਈ ਮੈਨੂੰ ਇਸ ਪਾਸੇ ਕੋਈ ਯੋਗਦਾਨ ਪਾਉਣਾ ਚਾਹੀਦੈ। ਉਨ੍ਹਾਂ ਦੀ ਹੱਲਾ ਸ਼ੇਰੀ ਨਾਲ ਸੰਨ 1979 ਵਿਚ ਰਜਿਸਟ੍ਰੇਸ਼ਨ ਕਰਵਾ ਲਈ।
? ਕੀ ਆਪ ਨੂੰ ਇਸ ਖੋਜ ਕਰਨ ਦੌਰਾਨ ਕੋਈ ਆਪਣੇ ਦਫ਼ਤਰ 'ਚ ਵੀ ਮੁਸ਼ਕਿਲ ਆਈ?
ਰਜਿਸਟਰੇਸ਼ਨ ਕਰਵਾ ਕੇ ਮੈਂ ਇੰਗਲੈਂਡ ਚਲੇ ਗਿਆ। ਵਾਪਸੀ ਤੇ ਮੇਰੀ ਡਿਊਟੀ ਬਤੌਰ ਪ੍ਰਾਈਵੇਟ ਸੈਕਟਰੀ ਸਰਦਾਰ ਗੁਲਜ਼ਾਰ ਸਿੰਘ ਡਿਪਟੀ ਸਪੀਕਰ ਨਾਲ ਲੱਗ ਗਈ। ਮੈਨੂੰ ਦਫ਼ਤਰੋਂ ਛੁੱਟੀ ਨਾ ਮਿਲੇ। ਫਿਰ ਸਰਦਾਰ ਗੁਲਜ਼ਾਰ ਸਿੰਘ ਦੇ ਕਹਿਣ 'ਤੇ ਸ੍ਰੀ ਬ੍ਰਿਜ ਭੂਸ਼ਨ ਮਹਿਰਾ, ਸਪੀਕਰ ਨੇ ਸਪੈਸ਼ਲ ਕੇਸ ਵਜੋਂ ਪਰਮਿਸ਼ਨ ਦਿੱਤੀ।
? ਹੋਰ ਕੀ ਮੁਸ਼ਕਿਲਾਂ ਪੇਸ਼ ਆਈਆਂ?
- ਮੈਂ ਦੋ ਵੇਰਾਂ ਦੋ-ਦੋ ਸਾਲ ਦੀ ਐਕਸਟੈਨਸ਼ਨ ਯੂਨੀਵਰਸਿਟੀ ਤੋਂ ਲਈ। ਰਾਤ ਨੂੰ ਸਕੀਮ ਬਣਾਉਣੀ, ਦਿਨੇ ਦਫ਼ਤਰ ਦਾ ਸਾਰਾ ਕੰਮ 3-4 ਘੰਟੇ 'ਚ ਮੁਕਾ ਕੇ ਸਟੈਨੋਗ੍ਰਾਫਰ ਨੂੰ ਬੁਲਾ ਕੇ ਲਿਖਾਉਣਾ। ਡਾ: ਤਿਵਾੜੀ ਨੂੰ ਜੋ ਕੁਝ ਲਿਖ ਕੇ ਦਿਖਾਉਣਾ, ਮਾੜੀ ਮੋਟੀ ਨਿਗਾਹ ਮਾਰਨੀ ਕਹਿਣਾ ਬੱਸ ਠੀਕ ਹੈ। ਟਾਈਪ ਕਰਵਾ ਲਵੀਂ। ਕਰਦਿਆਂ-ਕਰਦਿਆਂ ਮੈਂ ਸਾਢੇ ਬਾਰਾਂ ਸੌ ਸਫ਼ਾ ਟਾਈਪ ਕਰਵਾ ਲਿਆ। ਇਕ ਦਿਨ ਦਿਖਾਇਆ ਤਾਂ ਡਾ: ਤਿਵਾੜੀ ਕਹਿਣ ਲੱਗੇ ਕਿ ਇਸ ਨੂੰ ਛੋਟਾ ਕਰਕੇ ਲਿਆਓ। ਮੈਨੂੰ ਚਾਰ ਚੈਪਟਰ ਰੀ-ਸਟ੍ਰਕਚਰ ਕਰਨੇ ਪਏ। ਪਰ ਜਿਸ ਦਿਨ ਮੇਰਾ ਥੀਸਿਜ਼ ਪ੍ਰਵਾਨ ਹੋਣਾ ਸੀ, ਉਸ ਦਿਨ ਡਾ: ਤਿਵਾੜੀ ਦਾ ਕਤਲ ਹੋ ਗਿਆ।
ਫਿਰ ਡਾ. ਅਤਰ ਸਿੰਘ ਗਾਈਡ ਬਣੇ। ਉਨ੍ਹਾਂ ਨੂੰ ਮੈਂ ਰੋਜ਼ ਇਕ ਚੈਪਟਰ ਪੜ੍ਹਨ ਲਈ ਦਿੰਦਾ। ਇਕ ਤਰ੍ਹਾਂ ਨਾਲ ਥੀਸਿਜ਼ ਸਾਰਾ ਮੁੜ ਕੇ ਇਕੱਠਾ ਕਰਕੇ ਪਰਜੈਂਟ ਕੀਤਾ। ਤਿੰਨ ਮਹੀਨੇ ਖੂਬ ਵਰਜਿਸ਼ ਹੋਈ ਪਰ ਨਤੀਜਾ ਅੱਛਾ ਹੀ ਨਿਕਲਿਆ।
? ਕੀ ਯੂਨੀਵਰਸਿਟੀ ਵੱਲੋਂ ਜਾਂ ਹੋਰ ਕਿਸੇ ਕਿਸਮ ਦੀ ਮੁਸ਼ਕਿਲ ਵੀ ਆਈ?
ਅਚਾਰੀਆ ਪ੍ਰਿਥਵੀ ਸਿੰਘ ਆਜ਼ਾਦ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਨ੍ਹਾਂ ਦੀ 'ਰਵਿਦਾਸ ਦਰਸ਼ਨ' ਵਾਲੀ ਖੋਜ ਨੂੰ ਬਣਾਵਟੀ ਅਤੇ ਅਵਿਗਿਆਨਿਕ ਲਿਖਿਆ ਹੈ। ਅਚਾਰੀਆ ਜੀ ਨੇ ਵਾਈਸ ਚਾਂਸਲਰ ਨੂੰ ਕਿਹਾ ਕਿ ਜਿੰਨਾ ਚਿਰ ਮੈਂ (ਆਚਾਰੀਆ ਜੀ) ਥੀਸਿਜ਼ ਪੜ੍ਹ ਨਹੀਂ ਲੈਂਦਾ, ਉਦੋਂ ਤੱਕ ਪ੍ਰਵਾਨ ਨਾ ਕੀਤਾ ਜਾਵੇ। ਇਹ ਇਕ ਗੁਪਤ ਡਾਕੂਮੈਂਟ ਹੈ ਅਤੇ ਕਿਉਂਕਿ ਆਚਾਰੀਆ ਜੀ ਪੀ. ਐਚ. ਡੀ. ਨਹੀਂ ਹਨ, ਸਿਰਫ ਮੈਟ੍ਰੀਕੁਲੇਟ ਹਨ, ਇਸ ਲਈ ਥੀਸਿਜ਼ ਦੇਖਣ ਦੇ ਯੋਗ ਹੀ ਨਹੀਂ ਹਨ।
? ਕੀ ਤੁਸੀਂ ਖੋਜ ਦੇ ਸਬੰਧ ਵਿਚ ਗੁਰੂ ਜੀ ਨਾਲ ਸਬੰਧਤ ਸ਼ਹਿਰਾਂ 'ਚ ਵੀ ਗਏ?
ਆਮ ਕਰਕੇ ਖੋਜ ਕੇਵਲ ਕਿਤਾਬਾਂ ਪੜ੍ਹ ਕੇ ਹੀ ਕੀਤੀ ਜਾਂਦੀ ਹੈ ਪਰ ਮੈਂ ਹੱਥ-ਲਿਖਤਾਂ ਦੇਖਣ ਜੈਪੁਰ, ਜੋਧਪੁਰ, ਚਿਤੌੜ, ਬੀਕਾਨੇਰ, ਜੈਸਲਮੇਰ, ਬਨਾਰਸ ਗਿਆ।
? ਇਹਨਾਂ ਸਥਾਨਾਂ 'ਤੇ ਜਾ ਕੇ ਆਪ ਨੇ ਕੀ ਖੋਜ ਕੀਤੀ?
- ਬਨਾਰਸ ਹਿੰਦੂ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਡਾ: ਮਹਿੰਦਰ ਅਤੇ ਡਿਪਟੀ ਹੈਡ ਡਾ: ਸ਼ਰਮਾ ਨੇ ਮੈਨੂੰ ਗੁਰੂ ਰਵਿਦਾਸ ਸਬੰਧੀ ਉਹ ਹੱਥ ਲਿਖਤਾਂ ਅਤੇ ਮੰਦਿਰ ਦਿਖਾਏ ਜੋ ਉਨ੍ਹਾਂ ਕਦੀ ਕਿਸੇ ਨੂੰ ਨਾ ਦਿਖਾਏ ਹੋਣ। ਤਵਾਰੀਖ ਫਰਿਸ਼ਤਾ ਪੁਸਤਕ ਵਿਚ ਲਿਖਿਆ ਹੈ ਕਿ ਸਿਕੰਦਰ ਲੋਧੀ ਨੇ ਗੁਰੂ ਰਵਿਦਾਸ ਜੀ ਨੂੰ ਗੁਰੂ ਵਾਂਗ ਮੰਨਿਆ ਅਤੇ ਉਨ੍ਹਾਂ ਦੇ ਸਨਮਾਨ 'ਚ ਇਕ 'ਬਾਪੂ ਮਸਜਿਦ' ਨਾਂ ਦੀ ਮਸਜਿਦ ਬਣਾਈ। ਮਸਜਿਦ ਇਸ ਕਰਕੇ ਬਣਾਈ ਕਿ ਲੋਧੀ ਮੁਸਲਮਾਨ ਸੀ। ਬਾਪੂ ਦਾ ਮਤਲਬ ਹੈ ਬਜ਼ੁਰਗ ਸੋ ਬਾਪੂ ਮਸਜਿਦ ਦਾ ਭਾਵ ਹੈ ਬਜ਼ੁਰਗਾਂ ਦੀ ਯਾਦ 'ਚ ਬਣਾਈ ਮਸਜਿਦ। ਇਸ ਮਸਜਿਦ ਦੇ ਅੰਦਰ ਅਜੇ ਵੀ ਗੁਰੂ ਜੀ ਦੀ ਮੂਰਤੀ ਹੈ, ਬਾਹਰ ਸ਼ਿਵਲਿੰਗ ਦੀ ਮੂਰਤੀ ਬਣਾਈ ਹੈ। ਚਿਤੌੜ ਵਿਚ ਰਵਿਦਾਸ ਛੱਤਰੀ ਹੈ। ਰਾਜ ਮਹੱਲ ਦੇ ਸਾਹਮਣੇ ਮੰਦਿਰ ਹੈ ਜਿੱਥੇ ਗੁਰੂ ਜੀ ਪੂਜਾ ਪਾਠ ਕਰਦੇ ਸਨ।
? ਬੇਗਮਪੁਰੇ ਤੋਂ ਆਪ ਦਾ ਕੀ ਭਾਵ ਹੈ?
- ਬੇਗਮਪੁਰਾ ਸਹਰ ਕੋ ਨਾਓ ਸ਼ਬਦ ਵਿਚ ਗੁਰੂ ਜੀ ਨੇ ਇਕ ਬਹੁਤ ਹੀ ਉੱਚਾ ਥਾਟ (ਗੌਰਚਪੀਵ) ਦਿੱਤਾ, ਜਿਹੜਾ ਕਿ ਅੱਜ ਤੋਂ ਲੱਗਭੱਗ ਡੇਢ ਸੌ ਸਾਲ ਪਹਿਲੋਂ ਕਾਰਲ ਮਾਰਕਸ ਨੇ ਦਿੱਤਾ। ਉਹ ਥਾਟ ਦਰਅਸਲ ਡੈਮੋਕ੍ਰੇਟਿਕ ਸੋਸ਼ਲਿਜ਼ਮ ਦਾ ਹੈ। ਜਿਹੜੀ-ਜਿਹੜੀ ਸਹੂਲਤ ਰਾਜਨੀਤਿਕ, ਸਮਾਜਿਕ, ਆਰਥਿਕ, ਮਨੋਵਿਗਿਆਨਕ ਅਤੇ ਵਿਦਿਅਕ ਤੌਰ 'ਤੇ ਇਕ ਸ਼ਹਿਰੀ ਨੂੰ ਚਾਹੀਦੀ ਹੈ, ਉਹ ਸਤਿਗੁਰ ਜੀ ਨੇ ਸਾਰੀ ਦੀ ਸਾਰੀ ਇਸ ਸ਼ਬਦ ਵਿਚ ਦਿੱਤੀ ਹੈ। ਇਹ ਤਾਂ ਹੀ ਹੋ ਸਕਦੀ ਹੈ ਜੇ ਸੋਸ਼ਲਿਸਟਿਕ ਡੈਮੋਕ੍ਰੇਸੀ ਕਾਇਮ ਹੋਵੇ। ਉਸ ਤੋਂ ਬਿਨਾ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਧਰਮ ਦੇ ਜ਼ਰੀਏ ਸਰਵਪੱਖੀ ਬਰਾਬਰੀ ਦੀ ਗੱਲ ਕਹਿ ਦਿੱਤੀ ਹੈ ਭਾਵ ਜਾਤ ਅਤੇ ਜਮਾਤ ਰਹਿਤ ਸਮਾਜ ਹੋਵੇ।
? ਇਸ ਤੋਂ ਇਹ ਭਾਵ ਹੋਇਆ ਕਿ ਗੁਰੂ ਜੀ ਨੇ ਬੇਗ਼ਮਪੁਰਾ ਧਰਤੀ 'ਤੇ ਰਹਿਣ ਵਾਲਿਆਂ ਲਈ ਸੋਚਿਆ?
ਜੇਕਰ ਸਹੀ ਅਰਥਾਂ ਵਿਚ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹਰ ਗੱਲ ਸਿਆਸੀ, ਰਾਜਨੀਤਿਕ ਕੀਤੀ ਸੀ। ਉਹ ਚਾਹੁੰਦੇ ਸਨ ਕਿ ਮੈਂ ਅਜਿਹੀ ਹਕੂਮਤ ਚਾਹੁੰਦਾ ਹਾਂ ਕਿ ਜਿਸ ਵਿਚ ਸਭ ਨੂੰ ਬਰਾਬਰ ਹੱਕ ਹੋਵਣ। ਸਭ ਨੂੰ ਰੋਜ਼ੀ, ਕੱਪੜਾ ਅਤੇ ਮਕਾਨ ਮਿਲੇ। ਇਹ ਨਾ ਹੋਵੇ ਕਿ ਰਾਜਾ ਅਤੇ ਉਸ ਦੇ ਵਜ਼ੀਰ ਤਾਂ ਐਸ਼ਾਂ ਕਰਨ ਪਰ ਪਰਜਾ ਭੁੱਖੀ ਫਿਰੇ, ਬੇਘਰ ਫਿਰੇ, ਤਨੋਂ ਨੰਗੀ ਫਿਰੇ।
? ਇਹ ਆਮ ਦੇਖਿਆ ਗਿਆ ਹੈ ਕਿ ਭਾਰਤੀ ਇਤਿਹਾਸਕਾਰ 'ਤੇ ਵਿਦਵਾਨ ਅਖੌਤੀ ਉੱਚ ਜਾਤੀਆਂ 'ਚੋਂ ਹੋਣ ਕਰਕੇ ਉਹ ਆਦਿ ਵਾਸੀ ਰਹਿਬਰਾਂ ਨੂੰ ਬ੍ਰਾਹਮਣਵਾਦੀ ਦੇ ਤੌਰ 'ਤੇ ਪੇਸ਼ ਕਰਨ ਦੀ ਕੋਝੀ ਕੋਸ਼ਿਸ਼ ਕਰਦੇ ਹਨ। ਕੁਝ ਲੋਕ ਗੁਰੂ ਜੀ ਨੂੰ ਵੀ ਬ੍ਰਾਹਮਣਵਾਦੀ ਰੂਪ 'ਚ ਪੇਸ਼ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਆਪ ਦੀ ਖੋਜ ਅਨੁਸਾਰ ਕੀ ਗੁਰੂ ਜੀ ਬ੍ਰਾਹਮਣਵਾਦੀ ਸਨ? ਜੇ ਸਨ ਕਿਵੇਂ ਅਤੇ ਜੇ ਨਹੀਂ ਤਾਂ ਉਹ ਕਿਵੇਂ?
ਬ੍ਰਾਹਮਣ ਤੋਂ ਭਾਵ ਹੈ ਬ੍ਰਹਮ ਨੂੰ ਜਾਨਣ ਵਾਲਾ ਪਰ ਮੱਧ ਯੁੱਗ ਜਾਂ ਇਸ ਤੋਂ ਪਹਿਲੋਂ ਵੀ ਬ੍ਰਾਹਮਣ ਸ਼੍ਰੇਣੀ ਹਾਕਿਮ ਬਣ ਗਈ, ਬਾਕੀ ਕਸ਼ਤਰੀ, ਵੈਸ਼ ਅਤੇ ਸ਼ੂਦਰ ਗੁਲਾਮ ਬਣੇ ਹੋਏ ਸਨ। ਜਿਵੇਂ ਕਿ ਡਾ: ਤਾਰਾ ਚੰਦ, ਡਾ: ਮੁਕਰਜੀ ਅਤੇ ਹੋਰ ਕਈ ਇਤਿਹਾ-ਸਕਾਰਾਂ ਨੇ ਚਿਤਰਿਆ ਹੈ। ਜਿੱਥੋਂ ਤੱਕ ਅਧਿਆਤਮਵਾਦ ਦੀ ਗੱਲ ਹੈ ਗੁਰੂ ਜੀ ਬ੍ਰਾਹਮਣ ਭਾਵ ਵਿਦਵਾਨ ਸਨ। ਜਿੱਥੋਂ ਤੱਕ ਗੁਰੂ ਜੀ ਦਾ ਬ੍ਰਾਹ-ਮਣਾਂ ਦੇ ਘਰ ਪੈਦਾ ਹੋਣ ਦੀ ਗੱਲ ਹੈ, ਉਨ੍ਹਾਂ ਨੇ ਆਪਣੀ ਬਾਣੀ ਵਿਚ ਆਪਣੇ ਆਪ ਨੂੰ ਚਮਾਰ ਲਿਖਿਆ ਹੈ। ਗੁਰੂ ਜੀ ਨੇ ਨਿਡਰ ਹੋ ਕੇ ਗੱਜ ਵੱਜ ਕੇ ਆਪਣੀ ਗੱਲ ਕਹੀ। ਉਸ ਵੇਲੇ ਇਸ ਖਿਆਲ ਨਾਲ ਕਹੀ ਕਿ ਜਿਹੜਾ ਬ੍ਰਾਹਮਣਾਂ ਦਾ ਕਾਬਿਜ਼ ਧੜਾ ਸੀ, ਉਹ ਸਮਝਦਾ ਸੀ ਕਿ ਬ੍ਰਾਹਮਣਾਂ ਤੋਂ ਬਿਨਾਂ ਕੋਈ ਵਿਦਵਾਨ ਸੰਸਾਰ ਵਿਚ ਪੈਦਾ ਨਹੀਂ ਹੋ ਸਕਦਾ। ਬ੍ਰਾਹਮਣਾਂ ਦੇ ਇਸ ਏਕਾਧਿਕਾਰ ਨੂੰ ਤੋੜਨ ਲਈ ਗੁਰੂ ਜੀ ਨੇ ਆਪਣਾ ਮੁਕੰਮਲ ਜੀਵਨ ਲਾ ਦਿੱਤਾ। ਉਹਨਾਂ ਦੀ ਗੱਲ ਵਿਚ ਦਲੀਲ ਸੀ, ਸੁੰਦਰਤਾ ਸੀ ਅਤੇ ਗੱਲ ਕਹਿਣ ਵਿਚ ਮਿਠਾਸ ਸੀ।
? ਕੀ ਸੁਆਮੀ ਰਾਮਾਨੰਦ ਗੁਰੂ ਰਵਿਦਾਸ ਦੇ ਗੁਰੂ ਸਨ?
ਮੈਂ ਇਸ ਗੱਲ ਨਾਲ ਉਨ੍ਹਾਂ ਲੋਕਾਂ ਨਾਲ ਸੌ ਪ੍ਰਤੀਸ਼ਤ ਅਸਹਿਮਤ ਹਾਂ ਜੋ ਰਾਮਾਨੰਦ ਨੂੰ ਗੁਰੂ ਰਵਿਦਾਸ ਦਾ ਗੁਰੂ ਮੰਨਦੇ ਹਨ| ਬੁਨਿਆਦੀ ਤੌਰ ਤੇ ਸੁਆਮੀ ਰਾਮਾਨੰਦ ਜੀ ਬ੍ਰਾਹਮਣਾਂ ਦੀ ਉੱਚ ਕੋਟੀ ਦੀ ਸੰਸਥਾ 'ਵੈਸ਼ਨਵ ਸੰਪ੍ਰਦਾਇ' ਦੇ ਮੁਖੀ ਸਨ। ਇਕ ਅਧਿਆਤਮਕ ਅਤੇ ਦਾਰਸ਼ਨਿਕ ਗੋਸ਼ਟੀ ਸੁਆਮੀ ਰਾਮਾਨੰਦ ਜੀ ਅਤੇ ਗੁਰੂ ਰਵਿਦਾਸ ਜੀ ਦੀ ਹੋਈ ਜਿਸ ਵਿਚ ਐਸਾ ਕੋਈ ਸਵਾਲ ਨਹੀਂ ਜੋ ਰਾਮਾਨੰਦ ਨੇ ਪੁੱਛਿਆ ਹੋਵੇ ਅਤੇ ਰਵਿਦਾਸ ਜੀ ਨੇ ਤਸੱਲੀ ਬਖਸ਼ ਜੁਆਬ ਨਾ ਦਿੱਤਾ ਹੋਵੇ। ਇਸ ਗੋਸ਼ਟੀ ਵਿਚ ਸੁਆਮੀ ਰਾਮਾਨੰਦ ਜੀ ਗੁਰੂ ਰਵਿਦਾਸ ਜੀ ਦੇ ਜੁਆਬਾਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ !
? ਗੁਰੂ ਰਵਿਦਾਸ ਜੀ ਦੇ ਕਿਹੜੇ-ਕਿਹੜੇ ਪ੍ਰਮੁੱਖ ਪੈਰੋਕਾਰ ਜਾਂ ਸ਼ਰਧਾਲੂ ਸਨ?
ਸ਼ਰਧਾਲੂ ਤਾਂ ਹਜ਼ਾਰਾਂ ਸਨ ਜੋ ਹਰ ਵਰਗ ਅਤੇ ਜਾਤ 'ਚੋਂ ਸਨ ਪਰ ਗੁਰੂ ਜੀ ਦੇ ਚੇਲੇ ਰਾਜੇ ਰਾਣੀਆਂ ਤੱਕ ਬਣੇ ਜਿਵੇਂ ਮੀਰਾਂ ਬਾਈ, ਰਾਣੀ ਝਾਲਾਂ, ਭਾਨਮਤੀ, ਰਾਜਾ ਚੰਦਰ ਭਾਨ। ਰਾਣਾ ਸਾਂਗਾ ਦੇ ਚੇਲੇ ਹੋਣ ਦੇ ਸਬੂਤ ਤਾਂ ਨਹੀਂ ਮਿਲੇ ਪਰ ਉਹ ਗੁਰੂ ਜੀ ਦਾ ਸ਼ਰਧਾਲੂ ਜ਼ਰੂਰ ਸੀ।
? ਗੁਰੂ ਰਵਿਦਾਸ ਨੂੰ ਗੁਰੂ ਜਾਂ ਭਗਤ ਕਹਿਣ ਦੀ ਬਹਿਸ ਬਾਰੇ ਆਪ ਦੀ ਕੀ ਖੋਜ ਹੈ?
ਦਰਅਸਲ ਇਸ ਤਰ੍ਹਾਂ ਦੇ ਮਹਾਂਪੁਰਖ ਨੂੰ ਚਾਹੇ ਕਿਸੇ ਵੀ ਨਾਂ ਨਾਲ ਪੁਕਾਰੋ ਕੋਈ ਫਰਕ ਨਹੀਂ ਪੈਂਦਾ। ਜੇ ਸੂਰਜ ਨੂੰ ਕੋਈ ਉੱਲੂ ਜਾਂ ਚੰਦ ਨੂੰ ਆਲੂ ਕਹਿ ਦੇਵੇ ਤਾਂ ਸੂਰਜ, ਚੰਦ ਦੇ ਗੁਣਾਂ ਤੇ ਕੋਈ ਅਸਰ ਨਹੀਂ ਪੈਣਾ। ਜਦੋਂ ਮੈਂ ਆਪਣੇ ਥੀਸਿਜ਼ ਦੇ ਸ਼ਾਇਨਾਪਸਿਜ਼ ਲਿਖੇ ਸਨ। ਡਾ: ਹਰਨਾਮ ਸਿੰਘ ਸ਼ਾਨ ਨੇ ਕਿਹਾ ਕਿ ਰਵਿਦਾਸ ਜੀ ਨੂੰ ਗੁਰੂ ਨਹੀਂ ਭਗਤ ਲਿਖਣਾ ਚਾਹੀਦਾ ਹੈ। ਮੈਨੂੰ ਰਵਿਦਾਸ ਜੀ ਨੂੰ ਗੁਰੂ ਲਿਖਣ 'ਤੇ ਅਕੈਡਮਿਕ ਮੀਟਿੰਗ ਵਿਚ ਜੁਆਬ ਦੇਣ ਲਈ ਕਿਹਾ ਗਿਆ। ਮੈਂ ਡਾ: ਸ਼ਾਨ ਨੂੰ ਕਿਹਾ ਕਿ ਅਸੀਂ ਦੋਵੇਂ ਸਮਕਾਲੀ ਹਾਂ। ਮੇਰੇ ਪੁੱਛਣ ਤੇ ਕਿ ਕੀ ਡਾ: ਸ਼ਾਨ ਗੁਰਦੁਆਰੇ ਜਾਂਦੇ ਹਨ ਤਾਂ ਡਾ: ਸ਼ਾਨ ਨੇ ‘'ਹਾਂ' ਕਿਹਾ। ਮੈਂ ਪੁੱਛਿਆ ਕਿ ਕੀ ਤੁਸੀਂ ਉੱਥੇ ਸ੍ਰੀ ਗਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ। ਡਾ: ਸ਼ਾਨ ਨੇ ਹਾਂ 'ਚ ਜੁਆਬ ਦਿੱਤਾ। ਮੈਂ ਫਿਰ ਪੁੱਛਿਆ ਕਿ ਕੀ ਤੁਸੀਂ ਉਥੇ ਇਹ ਕਹਿੰਦੇ ਹੋ ਕਿ ਮੈਂ ਸਿਰਫ ਗੁਰੂਆਂ ਨੂੰ ਮੱਥਾ ਟੇਕਦਾ ਹਾਂ, ਬਾਕੀਆਂ ਨੂੰ ਨਹੀਂ। ਮੈਂ ਉਨ੍ਹਾਂ ਨੂੰ ਕਿਹਾ ਕਿ ਨਹੀਂ, ਮੈਂ ਪੁੱਛਿਆ ਕਿ ਜਿਸ ਗ੍ਰੰਥ ਨੂੰ ਤੁਸੀਂ ਮੱਥਾ ਟੇਕਦੇ ਹੋਏ, ਉਸ ਦਾ ਕੀ ਨਾਂ ਹੈ। ਕਹਿੰਦੇ- ਸ੍ਰੀ ਗੁਰੂ ਗ੍ਰੰਥ ਸਾਹਿਬ। ਮੈਂ ਕਿਹਾ ਕਿ ਜੇ ਸ੍ਰੀ ਅਤੇ ਸਾਹਿਬ ਹਟਾ ਦੇਈਏ ਤਾਂ ਬਾਕੀ ਕੀ ਰਹਿ ਗਿਆ। ਕਹਿੰਦੇ- ਗੁਰੂ ਗ੍ਰੰਥ ! ਮੈਂ ਕਿਹਾ ਜੇ ਲਫਜ਼ ਗ੍ਰੰਥ ਵੀ ਲਾਹ ਦੇਈਏ ਤਾਂ ਬਾਕੀ ਕੀ ਰਹਿ ਗਿਆ। ਕਹਿ-"ਦੇ- ਗੁਰੂ ! ਮੈਂ ਕਿਹਾ ਗੁਰੂ ਅਤੇ ਗ੍ਰੰਥ ਦੋਹਾਂ ਲਫਜ਼ਾਂ ਦੀ ਸੰਧੀ ਹੈ- ਗੁਰੂ ਗ੍ਰੰਥ। ਇਹਦਾ ਮਤਲਬ ਹੈ ਕਿ ਇਹ ਗ੍ਰੰਥ ਗੁਰੂਆਂ ਦਾ ਹੈ। ਇਸ ਗ੍ਰੰਥ ਵਿਚਲੇ ਗੁਰਬਾਣੀਕਾਰ ਸਭ ਗੁਰੂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕੀਤੀ ਤਾਂ ਗ੍ਰੰਥ ਸਾਹਿਬ ਦਾ ਨਾਂ ਆਦਿ ਗ੍ਰੰਥ ਤੋਂ ਗੁਰੂ ਗ੍ਰੰਥ ਸਾਹਿਬ ਰੱਖਿਆ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਬਾਰਾ ਲਿਖਿਆ ਗਿਆ ਤਾਂ ਭਾਈ ਮਨੀ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਮੇਰਾ ਗ੍ਰੰਥ- ਦਸਮ ਗ੍ਰੰਥ ਵੱਖਰਾ ਬਣੇਗਾ। ਮੇਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੋਣ ਦੇ ਕਾਬਿਲ ਨਹੀਂ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ, ਜੋ ਇੱਡੇ ਵੱਡੇ ਸੂਰਬੀਰ ਅਤੇ ਵਿਦਵਾਨ ਸਨ, ਨੇ ਆਪ ਇਹ ਨਿਰਣਾ ਕੀਤਾ ਕਿ ਗੁਰੂ ਰਵਿਦਾਸ ਗੁਰੂ, ਗੁਰੂ ਕਬੀਰ ਗੁਰੂ ਹੈ, ਗੁਰੂ ਸਧਨਾਂ ਗੁਰੂ ਹੈ, ਗੁਰੂ ਨਾਨਕ ਗੁਰੂ ਹੈ, ਗੁਰੂ ਨਾਮਦੇਵ ਗੁਰੂ ਹੈ, ਸਾਰੇ ਜਿਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਗੁਰੂ ਹਨ। ਪਰ ਛੋਟੀ ਬੱਧੀ ਦੇ ਲੋਕ, ਸੰਕੀਰਨ ਬੁੱਧੀ ਦੇ ਲੋਕ ਹੀ ਇਹਨਾਂ ਝੰਜਟਾਂ `ਚ ਪੈਂਦੇ ਹਨ ਕਿ ਇਹ ਸੰਤ ਹਨ, ਇਹ ਮਹਾਤਮਾ ਜਾਂ ਭਗਤ ਹੈ। ਦਰਅਸਲ ਸਾਰਿਆ ਸੰਬੋਧਨਾਂ ਦਾ ਅਰਥ ਇਕੋ ਹੈ।
? ਗੁਰੂ ਰਵਿਦਾਸ ਨੇ ਆਪਣਾ ਵਿਸ਼ਵ ਭਾਈਚਾਰੇ ਦਾ ਸੰਦੇਸ਼ ਕੇਵਲ ਬਨਾਰਸ 'ਚ ਰਹਿ ਕੇ ਤਾਂ ਫੈਲਾਇਆ ਨਹੀਂ ਹੋਣਾ। ਉਹ ਸੰਦੇਸ਼ ਫੈਲਾਉਣ ਲਈ ਦੂਰ ਦੁਰੇਡੇ ਥਾਂਵਾਂ 'ਤੇ ਗਏ ਹੋਣਗੇ। ਮੀਰਾਂ ਬਾਈ, ਝਾਲਾਂ ਬਾਈ, ਭਾਨਮਤੀ, ਚੰਦਰ ਹਾਂਸ ਆਦਿ ਗੁਰੂ ਜੀ ਦੇ ਚੇਲਿਆਂ ਵੱਲੋਂ ਗੁਰੂ ਜੀ ਨੂੰ ਰਾਜਸਥਾਨ 'ਚ ਸੱਦਾ ਦੇਣਾ ਅਤੇ ਗੁਰੂ ਜੀ ਦਾ ਉਥੇ ਜਾਣਾ ਜੱਗ ਜ਼ਾਹਿਰ ਹੈ। ? ਹੋਰ ਕਿਹੜੇ-ਕਿਹੜੇ ਸਥਾਨਾਂ 'ਤੇ ਗੁਰੂ ਜੀ ਦੇ ਜਾਣ ਬਾਰੇ ਆਪ ਨੇ ਖੋਜ ਕੀਤੀ?
- ਬੜਾ ਖੂਬਸੂਰਤ ਸਵਾਲ ਹੈ। ਜਿਸ ਤਰ੍ਹਾਂ ਈਸਾ ਮਸੀਹ, ਗੁਰੂ ਨਾਨਕ ਅਤੇ ਹਜ਼ਰਤ ਮੁਹੰਮਦ ਨੇ ਉਦਾਸੀਆਂ ਜਾਂ ਯਾਤਰਾਵਾਂ ਕੀਤੀਆਂ, ਦੂਸਰੇ ਸ਼ਹਿਰਾਂ ਦੇ ਲੋਕਾਂ 'ਚ ਆਪਣੇ ਸੰਦੇਸ਼ ਦਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਸੰਤ ਵਰਗ ਨੂੰ ਪ੍ਰਤੀਨਿਧਤਾ ਦਿੰਦਿਆਂ ਹੋਇਆ ਗੁਰੂ ਰਵਿਦਾਸ ਜੀ ਨੇ ਪੁਰਾਣੇ ਪੰਜਾਬ ਦਾ ਦੌਰਾ ਕੀਤਾ। ਅਫ਼ਗਾਨਿਸਤਾਨ, ਕੋਟਾ (ਪਾਕਿਸਤਾਨ 'ਚ ਹੁਣ) ਤੱਕ ਸਫ਼ਰ ਕੀਤਾ। ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਾਈਡ ਵੱਲ ਵੀ ਗਏ। ਰਾਜਿਸਥਾਨ ਦਾ ਲੱਗਭੱਗ ਪੂਰੇ ਤੌਰ 'ਤੇ ਭ੍ਰਮਣ ਕੀਤਾ। ਮੁੱਖ-ਮੁੱਖ ਸ਼ਹਿਰ ਸਨ- ਜੈਪੁਰ, ਜੋਧਪੁਰ, ਬੀਕਾਨੇਰ, ਚਿਤੌੜ, ਕੋਟਾ ਬੂੰਦੀ, ਭੀਲਵਾੜਾ ਆਦਿ। ਗੁਜਰਾਤ, ਮਹਾਰਾਸ਼ਟਰ ਦਾ ਵੀ ਪੂਰਾ ਭ੍ਰਮਣ ਕੀਤਾ। ਇਲਾਹਾਬਾਦ ਵੀ ਗਏ। ਪੁਰਾ ਵਿਸਥਾਰ ਨਾਲ ਆਪਣੇ ਥੀਸਿਜ਼ ਵਿਚ ਵਰਣਨ ਕੀਤਾ ਹੈ। ਗੁਰੂ ਜੀ ਵੱਲੋਂ ਇਸ ਤਰ੍ਹਾਂ ਧਰਤੀ ਤੇ ਭ੍ਰਮਣ ਕਰਨ ਤੋਂ ਬਿਨਾਂ ਉਨ੍ਹਾਂ ਦਾ ਸੰਦੇਸ਼ ਆਮ ਲੋਕਾਂ ਤੱਕ ਨਹੀਂ ਪਹੁੰਚ ਸਕਦਾ ਸੀ। ਉਹਨਾਂ ਦਾ ਪ੍ਰਚਾਰ ਲੋਕ ਬੋਲੀ ਵਿਚ ਸੀ ਅਤੇ ਲੋਕਾਂ ਦੀ ਗੱਲਬਾਤ ਸੀ।
? ਆਮ ਕਰਕੇ ਭਗਤੀ ਲਹਿਰ, ਜਿਸ ਨੂੰ ਸਮਾਨਤਾ ਦੀ ਲਹਿਰ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ, ਵਿਚ ਅਜਿਹਾ ਮੌਕਾ ਘੱਟ ਹੀ ਆਇਆ ਕਿਸੇ ਗੁਰੂ, ਸੰਤ ਜਾਂ ਭਗਤ ਦੇ ਪੈਰੋਕਾਰਾਂ ਵਿਚ ਔਰਤਾਂ ਬਹੁ-ਗਿਣਤੀ ਵਿਚ ਹੋਵਣ। ਮੀਰਾਂ ਬਾਈ, ਝਾਲਾਂ ਬਾਈ, ਭਾਨਮਤੀ ਆਦਿ ਔਰਤਾਂ ਦੇ ਗੁਰੂ ਰਵਿਦਾਸ ਜੀ ਦੀਆਂ ਚੇਲੀਆਂ ਬਣਨ ਨਾਲ ਕੀ ਇਹ ਸਿੱਧ ਨਹੀਂ ਹੁੰਦਾ ਕਿ ਗੁਰੂ ਜੀ ਜ਼ਰੂਰ ਕੋਈ ਔਰਤਾਂ ਦੀ ਬਰਾਬਰੀ ਦੀ ਗੱਲ ਕਰਦੇ ਸਨ।
ਵਾਹ! ਬਹੁਤ ਅੱਛਾ ਸਵਾਲ ਹੈ। ਇਹ ਸਵਾਲ ਸੁਣ ਕੇ ਤਾਂ ਮਨ ਬਾਗੋ ਬਾਗ ਹੋ ਗਿਆ। ਗੁਰੂ ਰਵਿਦਾਸ ਦੀ ਜੋ ਭਾਰਤੀ ਸਮਾਜ ਨੂੰ ਪ੍ਰਮੁੱਖ ਦੇਣਾਂ ਹਨ 'ਚੋਂ ਇਕ ਦੇਣ (ਕੰਟਰੀਬਿਊਸ਼ਨ) ਦੀ ਗੱਲ ਕੀਤੀ ਹੈ। ਆਰੀਆਂ ਦੇ ਭਾਰਤ ਵਿਚ ਆਉਣ ਤੋਂ ਪਹਿਲੋਂ ਭਾਰਤ ਦੇ ਆਦਿ-ਵਾਸੀਆਂ ਦੀ ਸਿੱਧੂ ਘਾਟੀ ਦੀ ਸਭਿਅਤਾ ਦੇ ਲੋਕਾਂ ਵਿਚ ਮਾਤਾ-ਪ੍ਰਧਾਨ ਪਰਿਵਾਰ ਸਨ, ਅੱਜ ਵੀ ਕਈ ਦੇਸ਼ਾਂ ਵਿਚ ਮਾਤਾ ਹੀ ਪਰਿਵਾਰ ਦੀ ਮੁਖੀਆ ਹੈ। ਆਰੀਆਂ ਵਿਚ ਪਿਤਾ-ਪ੍ਰਧਾਨ ਪਰਿਵਾਰ ਹਨ। ਆਰੀਆ ਲੋਕ ਜਿਹੜੇ ਦੇਸ਼ਾਂ ਵਿਚੋਂ ਭਾਰਤ ਵਿਚ ਆਏ, ਉਥੇ ਅਜੇ ਵੀ ਪਿਤਾ-ਪ੍ਰਧਾਨ ਪਰਿਵਾਰ ਹਨ ਜਿਵੇਂ ਰੂਸ ਆਦਿ ਵਿਚ ਧਰਤੀ ਨੂੰ ਪਿਤਾ-ਭੂਮੀ (ਫਾਦਰ ਲੈਂਡ) ਕਿਹਾ ਜਾਂਦਾ ਹੈ ਜਦੋਂ ਕਿ ਭਾਰਤ ਵਿਚ ਅਜੇ ਵੀ ਸਿੰਧੂ-ਘਾਟੀ ਦੇ ਸਮਾਜ ਦੀ ਨਿਸ਼ਾਨੀ ਹੈ ਜੋ ਅਸੀਂ ਧਰਤੀ ਨੂੰ ਮਾਤ ਭੂਮੀ (ਮਦਰਲੈਂਡ) ਕਹਿੰਦੇ ਹਾਂ। ਆਪਣੀ ਭਾਸ਼ਾ ਨੂੰ ਵੀ ਮਾਤ-ਭਾਸ਼ਾ ਕਹਿੰਦੇ ਹਾਂ। ਗੱਲ ਕੀ ਭਾਰਤੀ ਸਮਾਜ 'ਚ ਅਜੇ ਵੀ ਮਾਂ ਨੂੰ ਪਿਤਾ ਨਾਲੋਂ ਵੱਧ ਪੂਜਣ ਯੋਗ ਸਮਝਿਆ ਜਾਂਦਾ ਹੈ। ਗੁਰੂ ਰਵਿਦਾਸ ਜੀ ਨੇ ਇਸੇ ਕਰਕੇ ਪੁਰਾਤਨ ਕਦਰਾਂ ਕੀਮਤਾਂ ਨੂੰ ਨਵੇਂ ਸਿਰਿਉਂ ਉਜਾਗਰ ਕਰਨ ਲਈ ਔਰਤ ਨੂੰ ਮਰਦ ਦੇ ਬਰਾਬਰ ਲਿਆਉਣ ਲਈ ਬਿਗਲ ਵਜਾਇਆ। ਨਾ ਕਿ ਔਰਤ ਨੂੰ ਸਮਾਜਿਕ ਬਰਾਬਰੀ ਦਾ ਦਰਜਾ ਦਿੱਤਾ ਸਗੋਂ ਅਧਿਆਤਮਕ ਬਰਾਬਰੀ ਦਾ ਵੀ ਦਰਜਾ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਕਿਹਾ- ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨੁ ਭਾਵ ਜਿਸ ਔਰਤ ਨੇ ਪੀਰਾਂ, ਫਕੀਰਾਂ, ਗੁਰੂਆਂ, ਸੰਤਾਂ, ਰਾਜਿਆਂ ਨੂੰ ਜਨਮ ਦਿੱਤਾ। ਜੋ ਸਾਡੀ ਮਾਂ ਹੈ, ਜੋ ਸਾਡੀ ਭੈਣ ਵ ਹੈ, ਜੋ ਸਾਡੀ ਪਤਨੀ ਹੈ ਉਸ ਨੂੰ ਕਿਸ ਗੱਲੋਂ ਮਾੜਾ ਕਹੀਏ? ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਪ੍ਰਚਾਰ ਹੀ ਕੀਤਾ ਪਰ ਗੁਰੂ ਰਵਿਦਾਸ ਜੀ ਨੇ ਪ੍ਰੈਕਟੀਕਲੀ ਔਰਤਾਂ ਨੂੰ ਨਾਮ ਦਾਨ ਬਖਸ਼ ਕੇ ਬਰਾਬਰੀ ਦਾ ਦਰਜਾ ਦਿੱਤਾ। ਇਹ ਗੁਰੂ ਰਵਿਦਾਸ ਜੀ ਦੀ ਸਭ ਤੋਂ ਵੱਡੀ ਦੇਣ ਹੈ।
ਉਹਨਾਂ ਨੇ ਬ੍ਰਾਹਮਣਾਂ ਵੱਲੋਂ ਦੁਰਕਾਰੀ ਔਰਤ ਜਾਤੀ ਨੂੰ ਨਾ ਸਿਰਫ ਬਰਾਬਰੀ ਦਾ ਦਰਜਾ ਦਿੱਤਾ, ਸਗੋਂ ਪੂਜਣਯੋਗ ਬਣਾਇਆ। ਇੱਥੋਂ ਤੱਕ ਕਿ ਗੁਰੂ ਰਵਿਦਾਸ ਜੀ ਦੀ ਪਤਨੀ ਮਾਤਾ ਲੂਣਾ ਵੀ ਅਧਿਆਤਮਕ ਸ਼ਕਤੀ ਦਾ ਸੋਮਾ ਸਨ ਅਤੇ ਗੁਰੂ ਜੀ ਵਾਂਗ ਪੂਜੇ ਜਾਂਦੇ ਸਨ। ਔਰਤਾਂ ਨਾਮਦਾਨ ਲੈਣ ਲਈ ਮਾਤਾ ਲੂਣਾ ਕੋਲ ਜਾਂਦੀਆਂ ਸਨ।
? ਹੁਣੇ-ਹੁਣੇ ਆਪ ਨੇ ਫੁਰਮਾਇਆ ਹੈ ਕਿ ਗੁਰੂ ਰਵਿਦਾਸ ਜੀ ਨੇ ਸਿੰਧੂ ਘਾਟੀ ਦੇ ਸਮਾਜ ਵਿਚਾਲੇ ਮਾਤਾ-ਪ੍ਰਧਾਨ ਸਮਾਜ ਨੂੰ ਬੜਾਵਾ ਦਿੱਤਾ। ਗੁਰੂ ਜੀ ਦਾ ਇਕ ਸ਼ਬਦ ਹੈ-'ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ, ਅਛੁਤ ਰਾਜ ਬਿਛੁਰਤ ਦੁਖੁ ਪਾਇਆ ਸੋ ਗੀਤ ਪਈ ਹਮਾਰੀ।' ਕੀ ਇਸ ਸ਼ਬਦ ਤੋਂ ਅਤੇ ਗੁਰੂ ਜੀ ਵੱਲੋਂ ਮਾਤਾ-ਪ੍ਰਧਾਨ ਸਮਾਜ ਨੂੰ ਬੜਾਵਾ ਦੇਣ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਗੁਰੂ ਰਵਿਦਾਸ ਜੀ ਆਪਣੇ ਬਜ਼ੁਰਗਾਂ ਦੀ ਸਿਰਜੀ ਸਿੰਧੂ-ਘਾਟੀ ਦੀ ਸਭਿਅਤਾ ਦੇ ਗੌਰਵ ਤੋਂ ਜ਼ਰੂਰ ਵਾਕਿਫ ਹੋਣਗੇ?
ਇਹ ਗੱਲ ਬਿਲਕੁਲ ਸਹੀ ਹੈ ਕਿ ਆਰੀਆਂ ਦੇ ਭਾਰਤ ਵਿਚ ਆਉਣ ਤੋਂ ਪਹਿਲੋਂ ਦੇ ਭਾਰਤ ਵਾਸੀ, ਜਿਹਨਾਂ ਨੂੰ ਆਰੀਆਂ ਨੇ ਅਨਾਰੀਆ ਕਿਹਾ ਅਤੇ ਅਸੀਂ ਆਦਿ-ਵਾਸੀ (ਧਰਮ ਪੱਖੋਂ ਆਦਿ-ਧਰਮੀ) ਕਹਿੰਦੇ ਹਾਂ। ਅਸੀਂ ਇਹਨਾਂ ਆਦਿ-ਵਾਸੀਆਂ ਨਾਲ ਸਬੰਧ ਰੱਖਦੇ ਹਾਂ। ਗੁਰੂ ਰਵਿਦਾਸ, ਮਹਾਂਰਿਸ਼ੀ ਵਾਲਮੀਕਿ, ਸੁਆਮੀ ਵਸ਼ਿਸਠ, ਵੇਦ ਵਿਆਸ ਵਰਗੇ ਵਿਦਵਾਨ ਸਾਡੇ ਚਾਨਣ-ਮੁਨਾਰੇ ਹਨ।
ਜੇ ਸਹੀ ਅਰਥਾਂ ਵਿਚ ਇਮਾਨਦਾਰੀ ਅਤੇ ਬਾਰੀਕੀ ਨਾਲ ਦੇਖਿਆ ਜਾਵੇ ਤਾਂ ਭਾਰਤੀ ਫਲਸਫਾ ਤਾਂ ਹੈ ਹੀ ਸਾਡੀ ਪੈਦਾਵਾਰ ਨਾ ਕਿ ਬ੍ਰਾਹਮਣਾਂ ਦੀ ਯੋਗ ਵਸ਼ਿਸਠ, ਜੋ ਮਹਾਂਰਿਸ਼ੀ ਵਾਲਮੀਕਿ ਜੀ ਦੀ ਰਚਨਾ ਹੈ, ਇਸ ਵਿਚੋਂ ਵੇਦਾਂ ਅਤੇ ਗੁਰੂਆਂ ਦੀ ਸਿੱਖਿਆ ਲੱਭੀ ਜਾ ਸਕਦੀ ਹੈ।
? ਗੁਰੂ ਰਵਿਦਾਸ ਜੀ ਦੀ ਕਿਹੜੇ-ਕਿਹੜੇ ਇਤਿਹਾਸਕ ਪੁਰਖਾਂ ਨੇ ਸਿਫਤ ਲਿਖੀ ?
ਗੁਰੂ ਸਾਹਿਬਾਨ- ਗੁਰੂ ਅਰਜਨ ਦੇਵ, ਗੁਰੂ ਰਾਮ ਦਾਸ, ਗੁਰੂ ਅਮਰਦਾਸ ਨੇ ਗੁਰੂ ਰਵਿਦਾਸ ਜੀ ਦੀ ਜੀਅ ਭਰ ਕੇ ਵਡਿਆਈ ਕੀਤੀ। ਇਹ ਸਤਿਗੁਰੂ ਰਵਿਦਾਸ ਦੀ ਮਹਾਨਤਾ ਹੀ ਸੀ, ਜੋ ਗੁਰੂ ਅਰਜਨ ਦੇਵ, ਗੁਰੂ ਰਾਮਦਾਸ ਅਤੇ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਦੀ ਉਸਤਤਿ ਵਿਚ ਰੱਬੀ ਬਾਣੀ ਰਚੀ।
ਭਾਈ ਗੁਰਦਾਸ, ਜਿਹਨਾਂ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਹੈ, ਨੇ ਵੀ ਆਪਣੀ ਸਤਾਰਵੀਂ ਵਾਰ ਸਾਰੀ ਦੀ ਸਾਰੀ ਗੁਰੂ ਜੀ ਦੀ ਉਸਤਤਿ 'ਚ ਲਿਖੀ। ਇਸੇ ਤਰ੍ਹਾਂ ਸਤਿਗੁਰ ਧੰਨਾ, ਸਤਿਗੁਰੂ ਕਬੀਰ, ਮਹਾਂ ਸੰਤਣੀ ਮੀਰਾਂ ਬਾਈ, ਸੰਤ ਰਜਬ, ਸੰਤ ਪ੍ਰਿਆ ਦਾਸ ਜੀ ਨੇ ਵੀ ਬੜੀ ਇਮਾਨਦਾਰੀ ਨਾਲ ਗੁਰੂ ਰਵਿਦਾਸ ਦੀ ਮਹਿਮਾ ਗਾਈ।
? ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਗੁਰੁ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਆਦਿ ਨੇ ਗੁਰੁ ਰਵਿਦਾਸ ਦੀ ਇੰਨੀ ਉਸਤਤਿ ਕਿਉਂ ਕੀਤੀ ਜਦੋਂ ਕਿ ਬਾਕੀ ਦੇ ਹੋਰ ਵੀ ਗੁਰਬਾਣੀਕਾਰ ਸਨ?
- ਹਮ-ਖਿਆਲ ਸਨ। ਜੋ ਗੁਰੂ ਰਵਿਦਾਸ ਜੀ ਦਾ ਸੰਦੇਸ਼ ਸੀ, ਉਹੀ ਸੰਦੇਸ਼ ਗੁਰੂ ਨਾਨਕ ਦੇਵ ਜੀ ਆਦਿ ਦਾ ਸੀ !
? ਗੁਰਮਤਿ ਅਤੇ ਸੰਤ-ਮੱਤ ਬਾਰੇ ਸੰਖੇਪ ਚਾਨਣਾ ਪਾਉਗੇ ?
ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੀ ਲਹਿਰ ਨੂੰ ਗੁਰਮਤਿ ਕਿਹਾ ਜਾਂਦਾ ਹੈ, ਜਿਸ ਨੇ ਪੁਰਾਣੇ ਪੰਜਾਬ ਵਿਚ ਅਧਿਆਤਮਕ ਅਤੇ ਸਮਾਜਿਕ ਤੌਰ 'ਤੇ ਸਮਾਜ ਨੂੰ ਅਗਾਂਹ ਤੋਰਨ ਦੀ ਗੱਲ ਕੀਤੀ। ਇਸੇ ਤਰ੍ਹਾਂ ਗੁਰੂ ਰਵਿਦਾਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਉੱਤਰੀ ਭਾਰਤ ਅਤੇ ਮੱਧ ਭਾਰਤ ਵਿਚ ਅਤੇ ਅਲਵਰ ਵਾਲੇ ਸੰਤਾਂ ਨੇ ਦੱਖਣੀ ਭਾਰਤ ਵਿਚ ਸੰਤ ਮੱਤ ਦਾ ਪ੍ਰਚਾਰ ਕੀਤਾ- ਨਿਰੰਕਾਰ ਪੂਜਾ, ਨਿਰਗੁਣ ਪੂਜਾ, ਰੱਬ ਦੀ ਪੂਜਾ, ਕਿਸੇ ਵਿਅਕਤੀ ਵਿਸ਼ੇਸ਼ ਦੀ ਪੂਜਾ ਨਹੀਂ। ਇਹ ਸਾਰੇ ਦੇ ਸਾਰੇ ਦਾ ਫਲਸਫਾ, ਜਿਸ ਵਿਚ ਸੂਫ਼ੀ ਮੱਤ ਵੀ ਸ਼ਾਮਲ ਹੈ, ਗੁਰਮੰਤ, ਸੰਤ ਮੱਤ ਅਤੇ ਸੂਫ਼ੀ ਮੱਤ ਤਿੰਨਾਂ ਮੱਤਾਂ ਦੀ ਸਾਂਝੀ ਕੜੀ ਹੈ- ਵਾਹਿਗੁਰੂ ਦੀ ਪੂਜਾ ਵਿਅਕਤੀ ਵਿਸ਼ੇਸ਼ ਦੀ ਪੂਜਾ ਨਹੀਂ। ਵਿਅਕਤੀ ਪੂਜਾ ਤੋਂ ਮੇਰਾ ਭਾਵ ਹੈ- ਬ੍ਰਹਮਾ, ਵਿਸ਼ਨੂੰ, ਸ਼ਿਵ, ਗਣੇਸ਼, ਰਾਮ, ਕ੍ਰਿਸ਼ਨ ਦੀ ਪੂਜਾ ਤੋਂ ਹੈ। ਰੱਬ ਅਤੇ ਆਦਮੀ ਵਿਚਾਲੇ ਬ੍ਰਾਹਮਣ, ਭਾਈ, ਮੁੱਲਾਂ, ਪਾਦਰੀ ਆਦਿ ਏਜੰਟਾਂ ਤੋਂ ਦੂਰ ਰਹਿ ਕੇ ਰੱਬ ਨਾਲ ਸਿੱਧਾ ਸਬੰਧ ਦੱਸ ਕੇ ਗੁਰੂ ਰਵਿਦਾਸ ਨੇ ਬ੍ਰਾਹਮਣਾਂ ਦੀ ਧਾਰਮਿਕ ਦੁਕਾਨਦਾਰੀ ਨੂੰ ਸਖਤ ਸੱਟ ਮਾਰੀ !
? ਗੁਰੂ ਰਵਿਦਾਸ ਜੀ 'ਤੇ ਕਿਹੜੇ-ਕਿਹੜੇ ਵਿਦਵਾਨਾਂ ਨੇ ਪੀ. ਐਚ. ਡੀ. ਦੀਆਂ ਡਿਗਰੀਆਂ ਲਈਆਂ ?
- ਗੁਰੂ ਰਵਿਦਾਸ 'ਤੇ ਸਭ ਤੋਂ ਪਹਿਲੀ ਪੀ. ਐਚ. ਡੀ. ਦੀ ਡਿਗਰੀ ਡਾ: ਦੇਵਵਤ ਮਿਸ਼ਰ (ਸੰਤ ਰੈਦਾਰ ਅਰ ਉਨ ਕਾ ਪੰਥ) ਅਤੇ ਡਾ: ਯੋਗੇਂਦਰ ਸਿੰਘ (ਇਹ ਥੀਸਿਜ ਸੰਤ ਰੈਦਾਸ ਪੁਸਤਕ ਦੇ ਰੂਪ 'ਚ ਛਪਿਆ ਹੈ) ਨੂੰ ਲਖਨਊ ਯੂਨੀਵਰਸਿਟੀ, ਡਾ: ਚੰਦਰ ਦੇਵ ਰਾਏ ਨੂੰ ਲਖਨਊ ਯੂਨੀਵਰਸਿਟੀ, ਡਾ: ਚੰਦਰ ਦੇਵ ਰਾਏ ਨੂੰ ਇਲਾਹਾਬਾਦ ਯੂਨੀਵਰਸਿਟੀ ਤੋਂ ਕਬੀਰ ਤਥਾ ਰੈਦਾਸ ਏਕ ਤੁਲਨਾਤਮਿਕ ਅਧਿਐਨ 'ਤੇ, ਡਾ: ਕੁਲਵੰਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਭਗਤ ਰਵਿਦਾਸ: ਆਦਿ ਗ੍ਰੰਥ ਵਿਚਲੀ ਰਵਿਦਾਸ ਬਾਣੀ ਅਤੇ ਮੈਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਸਰਦਾਰ ਕਿਸ਼ਨ ਸਿੰਘ ਨੂੰ 'ਆਦਿ ਗ੍ਰੰਥ ਵਿਚ ਭਗਤ ਬਾਣੀ ਦਾ ਸਮਾਜਿਕ ਪੱਖ- ਭਗਤ ਰਵਿਦਾਸ ਅਤੇ ਭਗਤ ਕਬੀਰ ਦੇ ਪ੍ਰਸੰਗ ਵਿਚ 'ਤੇ ਪੀ. ਐਚ. ਡੀ. ਦੀਆਂ ਡਿਗਰੀਆਂ ਮਿਲੀਆਂ।
? ਜਦੋਂ ਅਸੀਂ ਮੱਧ ਯੁਗੀ ਭਾਰਤ ਵਿਚ ਚੱਲੀ ਭਗਤੀ ਲਹਿਰ ਵਿਚ ਸ਼ੂਦਰਾਂ 'ਚੋਂ ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ, ਸਤਿਗੁਰ ਨਾਮਦੇਵ, ਸਤਿਗੁਰ ਸਧਨਾ, ਸਤਿਗੁਰ ਸੈਨ ਅਤੇ ਸਤਿਗੁਰ ਧੰਨਾ ਜੀ ਆਦਿ ਨੂੰ ਆਗੂਆਂ ਦੇ ਰੂਪ 'ਚ ਦੇਖਦੇ ਹਾਂ ਤਾਂ ਇਉਂ ਲੱਗਦਾ ਹੈ ਕਿ ਭਗਤੀ ਲਹਿਰ ਜ਼ਰੂਰ ਹੀ ਸਮਾਨਤਾ ਦੀ ਲਹਿਰ ਹੋਵੇਗੀ ਜਿਹਨਾਂ ਨੇ ਸਮਾਨਤਾ ਦੀ ਗੱਲ ਧਰਮ ਰਾਹੀਂ ਕਹੀ ਜੋ ਹੁਣ ਦੇ ਯੁੱਗ ਵਿਚ ਆਰਥਿਕਤਾ ਰਾਹੀਂ ਕਹਾਂਗੇ। ਆਪ ਦੀ ਇਸ ਬਾਰੇ ਕੀ ਖੋਜ ਜਾਂ ਰਾਏ ਹੈ?
ਚੁੰਬਰ ਸਾਹਿਬ ! ਸੱਚ ਪੁੱਛੋ ਤਾਂ ਆਪ ਦੇ ਸਵਾਲਾਂ ਨੇ ਤਾਂ ਮਨ 'ਚ ਖੇੜਾ ਲਿਆ ਦਿੱਤਾ। ਕਾਸ਼ ! ਅਸੀਂ ਆਪਣੇ ਭਗਤੀ ਲਹਿਰ ਦੇ ਆਗੂਆਂ ਨੂੰ ਇਸ ਨਜ਼ਰੀਏ ਨਾਲ ਪੜ੍ਹਦੇ, ਘੋਖਦੇ ਤਾਂ ਸਾਨੂੰ ਬੇਗ਼ਮਪੁਰੇ ਦੀ ਸਥਾਪਤੀ ਲਈ ਜ਼ਿਆਦਾ ਤਰਦੱਦ ਨਾ ਕਰਨਾ ਪਵੇ। ਇਸ ਲਹਿਰ ਵਿਚ ਭਗਤੀ ਦੀ ਹੀ ਗੱਲ ਨਹੀਂ ਕੀਤੀ ਸਗੋਂ ਸ਼ਕਤੀ ਦੀ ਵੀ ਗੱਲ ਕੀਤੀ ਗਈ ਕਿਉਂਕਿ ਸ਼ਕਤੀ ਤੋਂ ਭਾਵ ਹੈ ਸਮਾਜ ਸੁਧਾਰ ਦੀ ਗੱਲ, ਆਰਥਿਕਤਾ ਦੀ ਗੱਲ। ਧਾਰਮਿਕ ਰੰਗ ਵਿਚ ਸੰਤਾਂ, ਭਗਤਾਂ, ਗੁਰੂਆਂ ਅਤੇ ਸੂਫ਼ੀ ਫਕੀਰਾਂ ਨੇ ਉਹ ਗੱਲਾਂ ਕਹਿ ਦਿੱਤੀਆਂ ਜੋ ਉਸ ਸਮੇਂ ਦੀ ਮੰਗ ਸੀ। ਲੋਕਾਂ ਨਾਲ ਜੋ ਜ਼ੁਲਮ ਹੋ ਰਹੇ ਸਨ, ਉਨ੍ਹਾਂ ਜ਼ੁਲਮਾਂ ਖਿਲਾਫ਼ ਇਹ ਮੂਵਮੈਂਟ ਸੀ। ਇਸ ਨੂੰ ਭਗਤੀ ਲਹਿਰ ਗੁਰੂ ਜੀ ਵੇਲੇ ਕਹਿਣਾ ਤਾਂ ਵਾਜਿਬ ਸੀ ਪਰ ਅੱਜਕਲ੍ਹ ਇਸ ਨੂੰ ਸਮਾਜਿਕ ਜਾਗਰਣ ਦੀ ਲਹਿਰ ਕਹੀਏ ਤਾਂ ਬਿਹਤਰ ਰਹੇਗਾ।
? ਕੀ ਗੁਰੂ ਰਵਿਦਾਸ ਜੀ ਨੇ ਗੋਸ਼ਠੀਆਂ ਵੀ ਕੀਤੀਆਂ? ਜੇ ਕੀਤੀਆਂ ਤਾਂ ਇਸ ਬਾਰੇ ਆਪਣੀ ਖੋਜ ਸਾਂਝੀ ਕਰਨ ਦੀ ਮਿਹਰਬਾਨੀ ਕਰੋ ?
ਪਹਿਲੋਂ ਆਮ ਲੋਕਾਂ ਦਾ ਖਿਆਲ ਸੀ ਕਿ ਗੁਰੂ ਜੀ ਸਿਰਫ ਬਨਾਰਸ ਤੱਕ ਹੀ ਸੀਮਤ ਰਹੇ। ਗਰ ਜੀ ਨੇ ਦੇਸ਼ਾਂ-ਵਿਦੇਸ਼ਾਂ ਦਾ ਭ੍ਰਮਣ ਕੀਤਾ। ਉਹ ਅਫ਼ਗਾਨਿਸਤਾਨ ਗਏ, ਪਾਕਿਸਤਾਨ ਦੇ ਕੋਟਾ, ਪਿਸ਼ਾਵਰ, ਬਲੋਚਿਸਤਾਨ, ਨਨਕਾਣਾ ਸਾਹਿਬ ਆਦਿ ਗਏ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਤੋਂ ਅੱਗੇ ਚੀਨ ਨਾਲ ਲੱਗਦੀ ਹੱਦ ਤੱਕ ਗਏ। ਪੰਜਾਬ, ਹਰਿਆਣਾ ਦਾ ਚੱਪਾ-ਚੱਪਾ ਛਾਣ ਮਾਰਿਆ। ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਬਿਹਾਰ, ਬੰਗਾਲ (ਬੰਗਲਾ ਦੇਸ਼ ਵੀ), ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਗੱਲ ਕੀ ਉਹਨਾਂ ਨੇ ਲੋਕਾਂ ਦੇ ਘਰ- ਘਰ ਜਾ ਕੇ ਆਪਣਾ ਸੰਦੇਸ਼ ਪਹੁੰਚਾਇਆ।
ਇਹਨਾਂ ਯਾਤਰਾਵਾਂ ਵਿਚ ਉਹਨਾਂ ਵੱਖ-ਵੱਖ ਸੰਤਾਂ, ਪੀਰਾਂ, ਫਕੀਰਾਂ, ਗੁਰੂਆਂ ਨਾਲ ਗੋਸ਼ਟੀਆਂ ਕੀਤੀਆਂ। ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਦੀਆਂ ਤਿੰਨ ਗੋਸ਼ਟੀਆਂ ਬਾਰੇ ਪਤਾ ਲੱਗਾ ਹੈ। ਪਹਿਲੀ ਚੂਹੜਕਾਣੇ ਹੋਈ, ਜਿੱਥੇ 'ਸੱਚਾ ਸੌਦਾ' ਦੀ ਘਟਨਾ ਘਟੀ ਉਸ ਵੇਲੇ ਸਤਿਗੁਰ ਰਵਿਦਾਸ ਨਾਲ ਸਧਨਾ, ਸੈਨ, ਤਰਲੋਚਨ ਆਦਿ ਗੁਰੂ ਸਨ। ਦੂਜੀ ਗੋਸ਼ਟੀ ਗੁਰੂ ਨਾਨਕ ਦੇਵ ਜੀ ਨਾਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰੇ 'ਸੰਤ ਘਾਟ' ਵਿਖੇ ਹੋਏ ਸੰਤ ਸਮਾਗਮ 'ਚ ਹੋਈ। ਸੰਤ ਘਾਟ ਦੇ ਗੁਰਦੁਆਰੇ ਦੇ ਬੋਹੜ 'ਤੇ ਲਿਖਿਆ ਹੈ ਕਿ ਉਹ ਸਥਾਨ ਹੈ। ਜਿੱਥੇ ਗੁਰੂ ਨਾਨਕ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ।
ਤੀਜੀ ਗੋਸ਼ਟੀ ਗੁਰੁ ਨਾਨਕ ਦੇਵ ਜੀ ਨਾਲ ਬਨਾਰਸ ਵਿਖੇ ਗੁਰੂ ਨਾਨਕ ਦੇਵ ਜੀ ਦੇ ਮਿਲਣ 'ਤੇ ਹੋਈ ਜਿੱਥੇ ਅੱਜ ਵੀ ਇਸ ਮਿਲਣੀ ਦੀ ਯਾਦ 'ਚ ਗੁਰਦੁਆਰਾ 'ਗੁਰੂ ਕਾ ਬਾਗ' ਸਥਿਤ ਹੈ।
? ਪੀ. ਐਚ. ਡੀ. ਕਰਨ ਤੋਂ ਪਹਿਲੋਂ ਅਤੇ ਬਾਅਦ ਵਿਚ ਗੁਰੂ ਰਵਿਦਾਸ ਸਬੰਧੀ ਅਕਸ਼ ਵਿਚ ਕੀ ਪ੍ਰੀਵਰਤਨ ਆਇਆ?
ਪਹਿਲੋਂ ਤਾਂ ਮੇਰੇ ਸਾਹਮਣੇ ਗੁਰੂ ਜੀ ਦਾ ਇਮੇਜ ਏਨਾ ਨਹੀਂ ਸੀ ਪਰ ਜਦੋਂ ਮੈਂ ਗੁਰੂ ਜੀ ਦੀ ਬਾਣੀ ਦਾ ਅਧਿਐਨ ਕੀਤਾ ਅਤੇ ਮਨਨ ਕੀਤਾ ਤਾਂ ਮੈਨੂੰ ਇਉਂ ਲੱਗਾ ਕਿ ਗੁਰੂ ਰਵਿਦਾਸ ਜੀ ਆਪਣੀ ਭਗਤੀ ਅਤੇ ਸ਼ਕਤੀ ਪੱਖੋਂ ਕਿਸੇ ਵੀ ਗੁਰੂ ਨਾਲੋਂ ਘੱਟ ਨਹੀਂ। ਮੈਂ ਤਾਂ ਕੀ ਕਹਿਣਾ ਜਦੋਂ ਗੁਰੂ ਗੋਬਿੰਦ ਸਿੰਘ ਵਰਗੀ ਸ਼ਖਸੀਅਤ ਨੇ ਗੁਰੂ ਰਵਿਦਾਸ ਜੀ ਨੂੰ ਗੁਰੂ ਦੀ ਉਪਮਾ ਦਿੱਤੀ ਹੈ ਤਾਂ ਮੈਂ ਨਾਚੀਜ਼ ਕੀ ਹਾਂ। ਪੀ. ਐਚ. ਡੀ. ਕਰਨ ਤੋਂ ਬਾਅਦ ਮੇਰੇ ਮਨ ਵਿਚ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਹੋ ਗਈ।
? ਗੁਰੂ ਰਵਿਦਾਸ ਜੀ ਸਬੰਧੀ ਖੋਜ ਕਰਨ ਤੋਂ ਬਾਅਦ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਬਹੁਤ ਵਧੀਆ ਸੁਆਲ ਹੈ। ਜਦੋਂ ਮੈਂ ਗੁਰੂ ਜੀ ਸਬੰਧੀ ਖੋਜ ਕਰਨੀ ਸ਼ੁਰੂ ਕੀਤੀ ਤਾਂ ਮੈਂ ਮਨ ਬਣਾਇਆ ਸੀ ਕਿ ਗੁਰੂ ਰਵਿਦਾਸ ਜੀ ਨੇ ਜੋ ਉਪਦੇਸ਼ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਕਵਿਤਾ ਦੇ ਰੂਪ ਵਿਚ ਦਿੱਤਾ ਸੀ, ਮੈਂ ਉਸ ਨੂੰ ਸਰਲ ਵਾਰਤਿਕ ਵਿਚ ਲਿਖ ਕੇ ਗੁਰੂ ਜੀ ਦਾ ਜੀਵਨ ਅਤੇ ਸੰਦੇਸ਼ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਦੇਵਾਂਗਾ। ਮੇਰੀ ਗੁਰੂ ਰਵਿਦਾਸ ਜੀ ਬਾਰੇ ਸੰਪਾਦਿਤ ਕਿਤਾਬ 'ਗੁਰੂ ਰਵਿਦਾਸ ਜੀ ਜੀਵਨ ਸਾਖੀ' 24 ਫਰਵਰੀ 1986 ਤੱਕ ਰਿਲੀਜ਼ ਹੋ ਜਾਏਗੀ। ਦੂਜੀ ਕਿਤਾਬ 'ਗੁਰੂ ਰਵਿਦਾਸ ਜੀ ਦਾ ਵਿਅਕਤੀਤੱਵ ਅਤੇ ਵਿਚਰ ਚਿੰਤਨ' ਤੀਜੀ ਕਿਤਾਬ 'ਗੁਰੂ ਰਵਿਦਾਸ ਜੀ ਦਾ ਦਰਸ਼ਨ ਅਤੇ ਦ੍ਰਿਸ਼ਟੀ', ਚੌਥੀ ਕਿਤਾਬ 'ਗੁਰੂ ਰਵਿਦਾਸ ਜੀ ਦੀ ਬਾਣੀ' ਆਦਿ ਵੀ ਛਾਪਣ ਦਾ ਵਿਚਾਰ ਹੈ।
? ਕੀ ਤੁਸੀਂ ਇਸ ਹਕੀਕਤ ਨਾਲ ਸਹਿਮਤ ਹੋ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਆਦਿ- ਗੁਰੂਆਂ- ਮਹਾਂਰਿਸ਼ੀ ਵਾਲਮੀਕਿ, ਸਤਿਗੁਰ ਨਾਮਦੇਵ ਅਤੇ ਸਤਿਗੁਰ ਕਬੀਰ ਦੇ ਨਾਲ-ਨਾਲ ਸਤਿਗੁਰ ਰਵਿਦਾਸ ਜੀ ਦੇ ਜੀਵਨ ਅਤੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਇਆ।
ਇਸ ਵਿਚ ਬਿਲਕੁਲ ਕੋਈ ਸ਼ੱਕ ਨਹੀਂ ਕਿ ਸਾਡੇ ਬਜ਼ੁਰਗਾਂ ਨੇ ਬਾਬੂ ਜੀ ਦੀ ਅਗਵਾਈ 'ਚ ਪੂਰੇ ਯਤਨ ਕੀਤੇ ਅਤੇ ਆਦਿ-ਗੁਰੂਆਂ ਨੂੰ ਭਾਰਤ ਦੇ ਆਦਿ- ਵਾਸੀਆਂ ਦੇ ਆਗੂਆਂ ਵਜੋਂ ਪ੍ਰਚਾਰਣ ਲਈ ਭੁੱਖਾਂ ਵੀ ਕੱਟੀਆਂ, ਜੇਲ੍ਹਾਂ 'ਚ ਵੀ ਗਏ, ਹੋਰ ਕੁਰਬਾਨੀਆਂ ਵੀ ਕੀਤੀਆਂ। ਬੱਚਿਆਂ ਦੀਆਂ ਪੜ੍ਹਾਈਆਂ ਵੀ ਖਰਾਬ ਕਰਵਾਈਆਂ, ਇਹ ਉਹ ਕੁਰਬਾਨੀਆਂ ਹਨ ਜਿਹਨਾਂ ਨੂੰ ਅਸੀਂ ਭੁੱਲੇ ਨਹੀਂ। ਉਹਨਾਂ ਦੇ ਅਸੀਂ ਰਿਣੀ ਹਾਂ। ਜੇ ਕਹਿ ਲਈਏ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦੀਆਂ ਨੀਹਾਂ 'ਤੇ ਹੀ ਅਸੀਂ ਇਹ ਖੁਸ਼ਹਾਲੀ ਦਾ ਮਹੱਲ ਉਸਾਰ ਰਹੇ ਹਾਂ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਜੋ ਕੌਮ ਕੌਮੀ ਪ੍ਰਵਾਨਿਆਂ ਨੂੰ ਵਿਸਾਰ ਦਿੰਦੀ ਹੈ, ਉਹ ਆਪਣੀ ਮਹਿਫ਼ਲ 'ਚੋਂ ਸ਼ਮ੍ਹਾਂ ਵੀ ਗੁਆ ਬੈਠਦੀ ਹੈ।

Comments
Post a Comment